ਸਾਈਬਰ ਅਪਰਾਧ
ਪੂਰੀ ਦੁਨੀਆ ਵਿੱਚ ਸਾਈਬਰ ਅਪਰਾਧਾਂ ਦੀ ਤੇਜ਼ ਹਨੇਰੀ ਝੁੱਲ ਰਹੀ ਹੈ। ਕੰਪਿਊਟਰ, ਸਮਾਰਟ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਕਰਦਿਆਂ ਅਸੀਂ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤਦੇ। ਮਨੁੱਖ ਦੀ ਲੋਭੀ ਬਿਰਤੀ ਵੀ ਉਸ ਨੂੰ ਸਾਈਬਰ ਅਪਰਾਧਾਂ ਦੇ ਮੱਕੜ ਜਾਲ਼ ਵਿੱਚ ਫਸਾ ਰਹੀ ਹੈ। ਨਿੱਤ-ਰੋਜ਼ ਨਵੇਂ-ਨਵੇਂ ਸਾਈਬਰ ਅਪਰਾਧਾਂ, ਕੰਪਿਊਟਰ ਹੈਕਿੰਗ, ਫਿਰੌਤੀ (ਰੈਂਸਮਵੇਅਰ) ਹਮਲੇ, ਬੈਂਕ ਖਾਤਿਆਂ ਨੂੰ ਚੂਨਾ ਲਾਉਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਨਪੜ੍ਹ ਲੋਕਾਂ ਤੋਂ ਲੈ ਕੇ ਪੜ੍ਹੇ ਲਿਖਿਆਂ ਤੱਕ ਇਨ੍ਹਾਂ ਅਪਰਾਧਾਂ ਦੀ ਗ੍ਰਿਫ਼ਤ ਵਿੱਚ ਫਸ ਰਹੇ ਹਨ। ਆਪਣੇ ਡਾਟੇ ਅਤੇ ਕੰਪਿਊਟਰ ਯੰਤਰਾਂ ਦੀ ਸੁਰੱਖਿਆ ਬਾਰੇ ਚੇਤਾ ਕਰਾਉਣ ਲਈ ਹਰ ਸਾਲ 30 ਨਵੰਬਰ ਦਾ ਦਿਨ ਸਾਈਬਰ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ।